ਕੁਝ ਵਿਸ਼ੇ ਤੇ ਕਵਿਤਾ ਬਾਰੇ
ਮੁੱਲਾਂ ਕੋ ਗਰ ਹੈ ਹਿੰਦ ਮੈਂ ਸਜਦੇ ਕੀ ਇਜਾਜ਼ਤ,
ਨਾਦਾਂ ਯੇ ਸਮਝਤਾ ਹੈ ਕਿ ਇਸਲਾਮ ਹੈ ਆਜ਼ਾਦ ।
ਕਵਿਤਾ ਦੇ ਵਿਸ਼ੇ ਦੀ ਗਲ ਇਕਬਾਲ ਸਾਹਿਬ ਦੇ ਇਸ ਸ਼ਿਅਰ ਤੋਂ ਹੀ ਸ਼ੁਰੂ ਕਰਦੇ ਹਾਂ । ਇਹ ਸ਼ਿਅਰ ਜੋ ਕਦੇ ਇਕਬਾਲ ਸਾਹਿਬ ਨੇ ਹਿੰਦ ਦੇ ਮੁਸਲਮਾਨਾਂ ਬਾਰੇ ਕਿਹਾ ਸੀ ਅੱਜ ਹਿੰਦ ਵਿਚ ਵਸਦੇ ਸਿੱਖਾਂ ਉਤੇ ਉਸ ਵਕਤ ਦੇ ਮੁਸਲਮਾਨਾਂ ਨਾਲੋਂ ਕਿੱਤੇ ਜ਼ਿਆਦਾ ਢੁੱਕਦਾ ਨਜ਼ਰ ਆਉਂਦਾ ਹੈ । ਇਕਬਾਲ ਸਾਹਿਬ ਇਸਲਾਮੀ ਕਵੀ ਦੇ ਤੌਰ ਤੇ ਦੁਨੀਆਂ ਭਰ ਵਿਚ ਜਾਣੇ ਗਏ ਹਨ । ਉਨ੍ਹਾਂ ਸਾਹਿਤਕ ਜ਼ਿੰਦਗੀ ਦੇ ਸ਼ੁਰੂ ਦੇ ਕੁਝ ਸਾਲ ਛੱਡ ਕੇ, ਜ਼ਿੰਦਗੀ ਦੇ ਅੰਤ ਤਕ ਜੋ ਲਿਖਿਆ ਇਸਲਾਮ ਦੀ ਬੁਲੰਦੀ ਲਈ ਹੀ ਲਿਖਿਆ । ਇਸਲਾਮ ਨੂੰ ਅਗਰ ਕਿਸੇ ਚੂੰਢੀ ਵੀ ਵੱਢੀ ਤਾਂ ਇਕਬਾਲ ਸਾਹਿਬ 'ਹਾਅ' ਦਾ ਨਾਹਰਾ ਮਾਰੇ ਬਿਨਾਂ ਨਾ ਰਹਿ ਸਕੇ । ਇਸਲਾਮ ਨਾਲ ਜਦੋਂ ਵੀ ਕੋਈ ਧੱਕਾ ਹੋਇਆ ਤਾਂ ਇਕਬਾਲ ਸਾਹਿਬ ਨੇ ਅੱਲਾ ਨਾਲ ਵੀ ਗ਼ਿਲੇ ਸ਼ਿਕਵੇ ਤੋਂ ਸੰਕੋਚ ਨਾ ਕੀਤਾ ।
ਪੰਜਾਬੀ ਦੇ ਸਿੱਖ ਘਰਾਂ ਵਿਚ ਜੰਮੇ ਸਾਹਿਤਕਾਰਾਂ 'ਚੋਂ ਸ਼ਾਇਦ ਹੀ ਅਜਿਹਾ ਕੋਈ ਹੋਵੇ ਜਿਸ ਨੇ ਕਦੇ ਨਾ ਕਦੇ, ਕਿਸੇ ਨਾ ਕਿਸੇ ਮੌਕੇ ਇਕਬਾਲ ਸਾਹਿਬ ਤੇ ਉਨ੍ਹਾਂ ਦੀ ਸਾਹਿਤਕ ਘਾਲਣਾ ਨੂੰ ਸਲਾਹਿਆ ਨਾ ਹੋਵੇ । ਪਰ ਜਦੋਂ ਸਿੱਖ ਘਰਾਂ ਵਿਚ ਜੰਮੇ ਇਨ੍ਹਾਂ ਸਾਹਿਤਕਾਰਾਂ, ਕਵੀਆਂ ਨੇ ਕਲਮ ਚੁੱਕੀ ਤਾਂ ਬਹੁਤਾ ਚਿਰ ਤਾਂ ਉਹ 'ਪਿਆਰ ਮੁਹੱਬਤ' ਦੇ ਗਿਲੇ ਸ਼ਿਕਵਿਆਂ ਵਿਚੋਂ ਹੀ ਨਾ ਨਿਕਲ ਸਕੇ ਤੇ ਜਦੋਂ ਨਿਕਲੇ ਤਾਂ ਉਨ੍ਹਾਂ ਨੂੰ ਮਾਰਕਸ ਤੋਂ ਬਿਨਾਂ ਕੋਈ ਮਹਾਂਪੁਰਖ ਨਜ਼ਰ ਨਾ ਆਇਆ ਤੇ ਲੈਨਿਨ ਉਨ੍ਹਾਂ ਨੂੰ 'ਮਿੱਤਰ ਪਿਆਰਾ' ਲੱਗਾ । ਗੁਰੂ ਨਾਨਕ ਦੀ ਸਾਂਝੀਵਾਲਤਾ ਤਾਂ ਭੁੱਲੀ ਸੋ ਭੁੱਲੀ ਕਿਸੇ ਨੇ ਇਹ ਵੀ ਸੋਚਣ ਦੀ ਕੋਸ਼ਿਸ਼ ਨਾ ਕੀਤੀ ਕਿ ਬਾਬੇ ਨੇ ਬਾਬਰ ਦੇ ਘੋੜੇ ਦੀ ਲਗਾਮ ਕਿਉਂ ਫੜੀ ਸੀ? ਨਾ ਉਨ੍ਹਾਂ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਚ ਚਲ ਰਹੇ ਆਰੇ ਦੀ ਆਵਾਜ਼ ਨੇ ਬੇਚੈਨ ਕੀਤਾ ਤੇ ਨਾ ਹੀ ਉਹ ਸਰਹੰਦ ਦੀਆਂ ਦੀਵਾਰਾਂ ਦੀ ਸਦਾ ਸੁਣ ਸਕੇ । ਉਨ੍ਹਾਂ ਨੂੰ ਇਹ ਤਾਂ ਯਾਦ ਰਿਹਾ ਕਿ ਲੈਨਿਨ ਨੇ ਕਿੰਨੇ ਵਰ੍ਹੇ ਆਪਣੀ ਘਰ ਵਾਲੀ ਦਾ ਮੂੰਹ ਨਹੀਂ ਸੀ ਤੱਕਿਆ ਪਰ ਉਨ੍ਹਾਂ ਨੂੰ ਮਾਛੀਵਾੜੇ ਦੇ ਕੰਡਿਆਂ ਦੀ ਚੋਭ ਮਹਿਸੂਸ ਨਾ ਹੋਈ, ਭਾਵੇਂ ਦਸ਼ਮੇਸ਼ ਦੇ ਪੈਰ ਛਲਣੀ ਹੋ ਗਏ । ਇਨ੍ਹਾਂ ਨੂੰ ਈਸਾ ਦੀ ਸਲੀਬ ਤਾਂ ਕੰਬਦੀ ਲਗੀ ਪਰ ਜਦੋਂ ਚੌਰਾਹਿਆਂ ਵਿਚ ਦਾੜ੍ਹੀ ਤੇ ਕੇਸਾਂ ਵਾਲਿਆਂ ਦੇ ਸੀਸ ਲਹਿ ਰਹੇ ਸਨ ਤਾਂ ਚੌਂਕ ਘੁੰਮਦੇ ਨਜ਼ਰ ਨਾ ਆਏ ।
ਹਾਂ ਕੁਝ ਅਜਿਹੇ ਸਾਹਿਤਕਾਰ ਵੀ ਹਨ ਜਿਨ੍ਹਾਂ ਨੂੰ ਗੁਰੂ ਨਾਨਕ ਦੀ ਸਾਂਝੀਵਾਲਤਾ ਚੰਗੀ ਲਗਦੀ ਹੈ, ਜਿਹੜੇ ਦਸ਼ਮੇਸ਼ ਦੀ ਤੇਗ ਵਿਚੋਂ ਸ਼ਕਤੀ ਵੀ ਭਾਲਦੇ ਨੇਂ ਪਰ ਕੌਮੀ ਹੱਕਾਂ ਲਈ ਗਲ ਕਰਨੀ ਉਨ੍ਹਾਂ ਨੂੰ ਤੰਗ ਦਿਲੀ ਨਜ਼ਰ ਆਉਂਦੀ ਏ ਤੇ ਕੌਮ ਨਾਲ ਹੋ ਰਹੇ ਧੱਕਿਆਂ ਦੀ ਗਲ ਕਰਨੀ ਉਹ ਫ਼ਿਰਕਾ-ਪ੍ਰਸਤੀ ਸਮਝਦੇ ਨੇਂ (ਜਾਂ ਸ਼ਾਇਦ ਕਰਨ ਤੋਂ ਡਰਦੇ ਨੇਂ) ਉਹ ਇਹ ਤਾਂ ਜਾਣਦੇ ਨੇਂ ਕਿ 'ਜੰਗ ਹਿੰਦ ਪੰਜਾਬ' ਵਿਚ ਜਿਹੜਾ ਪੰਜਾਬ ਜਿੱਤ ਕੇ ਹਾਰਿਆ ਉਹ ਖਾਲਸੇ ਦੀ ਹਕੂਮਤ ਸੀ, ਪਰ ੧੯੪੭ ਵਿਚ ਆਜ਼ਾਦ ਹੋਏ ਹਿੰਦੁਸਤਾਨ ਦੇ ਨਕਸ਼ੇ ਤੇ ਕੀ ਕੋਈ ਅਜਿਹੀ ਜਗ੍ਹਾ ਹੈ ਜਿਥੇ ਉਹ ਕਲਮ ਰਖ ਕੇ ਕਹਿ ਸਕਣ ਕਿ ਇਹ ਨਾਨਕ ਸ਼ਾਹੀ ਸਿੱਕਿਆਂ ਵਾਲਾ ਪੰਜਾਬ ਹੈ ਜਿਥੇ ਦਾੜ੍ਹੀ ਤੇ ਕੇਸਾਂ ਵਾਲਿਆਂ ਦੀ ਹਕੂਮਤ ਏ । ਕੀ ਮੈਂ ਇਹ ਪੁਛਣ ਦੀ ਗ਼ੁਸਤਾਖ਼ੀ ਕਰ ਸਕਦਾਂ ਕਿ ਜੋ 'ਸ਼ਕਤੀ' ਮੰਗੀ ਜਾ ਰਹੀ ਏ ਉਸਦਾ ਵੇਗ ਕਿਸ ਪਾਸੇ ਹੋਵੇਗਾ?
ਪਿਛਲੇ ਸਤਾਈ ਸਾਲਾਂ ਵਿਚ ਜੋ ਕਵਿਤਾ ਰਚੀ ਗਈ ਉਹਦੇ ਤੇ ਕਈ ਅਲਹਿਦਾ ੨ ਵਾਦਾਂ ਦੇ ਠੱਪੇ ਜੜੇ ਗਏ ਪਰ ਸਭ ਮਿਲਾ ਜੁਲਾ ਕੇ ਸਿੱਖ ਸਹਿਤਕਾਰਾਂ ਵਿਚ ਤਾਂ ਇਸ ਨੂੰ ਨਿਪੁੰਸਕਵਾਦ ਦਾ ਯੁਗ ਹੀ ਕਿਹਾ ਜਾਣਾ ਚਾਹੀਦਾ ਏ, ਜਦੋਂ ਅਤਿਅੰਤ ਅਮੀਰ ਵਿਰਸੇ ਨੂੰ ਇਨ੍ਹਾਂ ਸਾਹਿਤਕਾਰਾਂ ਆਪਣੀ ਕਮਜ਼ੋਰੀ ਕਾਰਣ ਤਿਲਾਂਜਲੀ ਦਿੱਤੀ ਰੱਖੀ ।
'ਪੰਜ ਤੀਰ ਹੋਰ' ਦਾ ਵਿਸ਼ਾ ਉਹੀ ਵਿਸ਼ਾ ਹੈ ਜਿਸਨੂੰ ਇਕਬਾਲ ਸਾਹਿਬ ਨੇ ਛੋਹਿਆ ਸੀ । ਇਹਦੇ ਵਿਚ ਕੌਮੀ ਵਿਲੱਖਣਤਾ ਦੀ ਗਲ ਫਿਰਕਾ ਪ੍ਰਸਤੀ ਦੇ ਠੱਪੇ ਦਾ ਖ਼ੌਫ ਲਾਹ ਕੇ ਕੀਤੀ ਗਈ ਹੈ । ਇਤਹਾਸਿਕ ਸੱਚ ਨੂੰ ਅਜ ਦੇ ਸੱਚ ਨਾਲ ਮੇਲ ਕੇ ਕੌਮ ਲਈ ਸੁਨਹਿਰੀ ਦਿਨਾਂ੍ਹ ਦੀ ਮੁੜ ਤਾਂਘ ਕੀਤੀ ਗਈ ਹੈ । ਉਨੀਂਵੀਂ ਸਦੀ ਦੇ ਪਹਿਲੇ ਅੱਧ ਦੇ ਉਨ੍ਹਾਂ ਦਿਨਾਂ ਲਈ ਮੁੜ ਲੜਨ ਦਾ ਨਿਸਚਾ ਕੀਤਾ ਗਿਆ ਹੈ ਜਦੋਂ ਅਸੀਂ ਦੁਨੀਆਂ ਦੀਆਂ ਆਜ਼ਾਦ ਕੌਮਾਂ ਵਿਚ ਖੜੇ ਹੋ ਕੇ ਕਿਹਾ ਕਰਦੇ ਸਾਂ ''ਉਹ ਝੂਲਦਾ ਜੇ ਸਾਡਾ ਕੇਸਰੀ ।''
ਜਿੱਥੋਂ ਤਕ ਕਵਿਤਾ ਦਾ ਸਬੰਧ ਹੈ, ਮੈਂ ਸਫਲ ਕਵਿਤਾ ਵਿਚ ਜਜ਼ਬਾਤਾਂ ਦਾ ਵਹਿਣ, ਲੈਅ ਜਾਂ ਫਿਰ ਵਿਚਾਰਧਾਰਾ ਦੀ ਸਫਲਤਾ ਪੂਰਵਕ ਹੋਂਦ ਜ਼ਰੂਰੀ ਸਮਝਦਾ ਹਾਂ । ਅੱਜ ਦੇ ਸਥਾਪਿਤ ਲੇਖਕਾਂ ਦੀ ਪੀੜ੍ਹੀ ਨੇ ਕੋਈ ਅਜਿਹਾ ਲੇਖਕ ਘੱਟ ਹੀ ਪੈਦਾ ਕੀਤਾ ਹੈ ਜਿਹੜਾ ਕਵਿਤਾ ਦੀਆਂ ਇਨ੍ਹਾਂ ਲੋੜਾਂ ਨੂੰ ਪੂਰਾ ਕਰ ਸਕਿਆ ਹੋਵੇ ਬਹੁਤੇ ਤਾਂ ਸਥਾਪਿਤ ਲੇਖਕ ਅਜਿਹੇ ਹਨ ਜਿਨ੍ਹਾਂ ਦੀ ਕਵਿਤਾ ਵਿਚ ਆਪਣੀ ਵਿਦਵਤਾ ਦਾ ਇਜ਼ਹਾਰ ਕਰਨ ਦੀ ਇੱਛਾ ਤੋਂ ਬਿਨਾਂ ਕੋਈ ਗਲ ਔਖੀ ਹੀ ਲੱਭਦੀ ਹੈ । ਅੱਜ ਦੇ ਮਾਰਕਸਵਾਦੀ ਲੈਨਿਨਵਾਦੀ ਕਵੀਆਂ ਦੀ ਕਵਿਤਾ ਅਗਰ ਥੋੜੇ ਸਮੇਂ ਵਿਚ ਹੀ ਚਰਚਾ ਦਾ ਵਿਸ਼ਾ ਬਣ ਸਕੀ ਤਾਂ ਉਸਦਾ ਕਾਰਣ ਇਹੀ ਹੈ ਕਿ ਉਨ੍ਹਾਂ ਦੀ ਕਵਿਤਾ ਇਕ ਵਿਸ਼ੇਸ਼ ਸੋਚਣੀ ਨਾਲ ਸਬੰਧਤ ਹੈ । (ਇਹ ਗੱਲ ਅਲਹਿਦਾ ਹੈ ਕਿ ਇਨ੍ਹਾਂ ਦੀ ਸੋਚ ਲੋਕਾਂ ਨੇ ਪ੍ਰਵਾਨੀ ਜਾਂ ਨਹੀਂ) ਅਤੇ ਇਸਦੇ ਲੇਖਕ ਰੋਹ ਭਰੇ ਜਜ਼ਬਾਤ ਲਈ ਫਿਰਦੇ ਹਨ ।
ਮੈਂ ਅਗਰ ਕਵਿਤਾ ਲਿਖੀ ਤਾਂ ਇਸ ਲਈ ਨਹੀਂ ਕਿ ਮੈਂ ਕਵਿਤਾ ਲਿਖਣ ਦਾ ਕੋਈ ਸ਼ੌਂਕ ਰਖਦਾ ਸਾਂ, ਜਾਂ ਮੈਂ ਕੋਈ ਜਨਮ ਜਾਤ ਕਵੀ ਸਾਂ, ਬਸ ਜ਼ਿਹਨ ਵਿਚ ਇਕ ਗਲ ਘੁੰਮਦੀ ਸੀ ਜੋ ਸਰਕਾਰ ਦੀ ਤਸ਼ਦੱਦ ਭਰੀ ਨੀਤੀ ਤੇ ਹਾਲਾਤ ਦੀ ਜ਼ਰੂਰਤ ਕਾਰਣ ਕਵਿਤਾ ਦਾ ਰੂਪ ਧਾਰ ਗਈ ।
ਜਬੈ ਤਣ ਲਾਗੈ,
ਤਬੈ ਰੋਸ ਜਾਗੈ ।
ਗਜਿੰਦਰ ਸਿੰਘ,
੩੬੪੬, ੨੩ ਡੀ
ਚੰਡੀਗੜ੍ਹ
ਇਕ ਬਾਤ
ਸਿੱਖ ਜਗਤ ਵਿਚ ਸ। ਗਜਿੰਦਰ ਸਿੰਘ ਦਾ ਨਾਂ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਉਹ ੨੯ ਸਤੰਬਰ ੧੯੮੧ ਨੂੰ ਦਨੀਆਂ ਦੇ ਸਭ ਤੋਂ ਵੱਡੇ ਅਖੌਤੀ ਲੋਕਤੰਤਰ ਬਨਾਮ ਹਿੰਦੂ ਸਾਮਰਾਜ ਨਾਲ ਜੰਗ ਦਾ ਬਿਗਲ ਵਜਾ ਕੇ ਇੰਡੀਅਨ ਏਅਰ ਲਾਈਨ ਦਾ ਜਹਾਜ਼ ਅਗਵਾ ਕਰਕੇ ਲਾਹੌਰ ਏਅਰਪੋਰਟ ਤੇ ਜਾ ਉਤਰਿਆ ਸੀ । ਉਸ ਸਮੇਂ ਤੋਂ ਹੀ ਆਪਣੇ ਚਾਰ ਸਾਥੀਆਂ ਸ: ਸਤਨਾਮ ਸਿੰਘ ਪਾਉਂਟਾ ਸਾਹਿਬ, ਸ: ਤੇਜਿੰਦਰਪਾਲ ਸਿੰਘ, ਸ: ਜਸਬੀਰ ਸਿੰਘ ਅਤੇ ਸ: ਕਰਨ ਸਿੰਘ ਸਮੇਤ ਪਾਕਿਸਤਾਨ ਦੀ ਅਣਦੱਸੀ ਜੇਲ੍ਹ ਵਿਚ ਨਜ਼ਰਬੰਦ ਹਨ । ਭਵਿੱਖ ਦੀ ਲੰਮੀ ਜੱਦੋ ਜਹਿਦ ਬਾਰੇ ਸ: ਗਜਿੰਦਰ ਸਿੰਘ ਨੇ ਪਹਿਲਾਂ ਹੀ ਬਿਆਨ ਕਰ ਦਿੱਤਾ ਸੀ-
ਜੰਗ ਹਿੰਦ-ਪੰਜਾਬ ਦਾ ਮੁੜ ਹੋਸੀ,
ਸਾਥੋਂ ਖੁੱਸੀਆਂ ਭਾਵੇਂ ਸਰਦਾਰੀਆਂ ਨੇਂ ।
ਉਦੋਂ ਤੱਕ ਨਹੀਂ ਜੰਗ ਇਹ ਖ਼ਤਮ ਹੋਣੀ,
ਜਦ ਤੱਕ ਜਿਤਦੀਆਂ ਨਹੀਂ ਜੋ ਹਾਰੀਆਂ ਨੇਂ । (ਜੰਗ ਹਿੰਦ ਪੰਜਾਬ)
ਸ: ਗਜਿੰਦਰ ਸਿੰਘ ਨੂੰ ਸ: ਕਪੂਰ ਸਿੰਘ ''ਸਾਚੀ ਸਾਖੀ'' ਦੀ ਸੰਗਤ ਵਿਚ ਰਹਿੰਦਿਆਂ ਇਸ ਗੱਲ ਦਾ ਡੂੰਘਾ ਅਹਿਸਾਸ ਹੋ ਗਿਆ ਸੀ ਕਿ ਹਿੰਦੂ ਸਾਮਰਾਜ ਦੇ ਕਰਤਾ ਧਰਤਾ ਬ੍ਰਾਹਮਣ, ਗੰਗੂ ਦੀ ਔਲਾਦ ਹੀ ਹਨ, ਜਿਨ੍ਹਾਂ ਨੇ ਝੂਠੇ ਸੱਚੇ ਲਾਰਿਆਂ ਨਾਲ ਵਰਚਾ ਕੇ ਅੰਤ ਸਿੱਖ ਕੌਮ ਦੀ ਪਿੱਠ ਵਿਚ ਛੁਰੀ ਮਾਰਨੀ ਹੀ ਮਾਰਨੀ ਹੈ । ਇਹ ਜਜ਼ਬਾ ਉਸਦੀ ਕਵਿਤਾ ਵਿਚੋਂ ਵੀ ਫੁੱਟ ਫੁੱਟ ਪੈਂਦਾ ਹੈ-
ਇਹ ਗਾਂਧੀ, ਹਿ ਨਹਿਰੂ
ਜਾ ਨਹਿਰੂ ਦੀ ਧੀ ਏ ।
ਗੰਗੂ ਹੀ ਗੰਗੂ ਨੇ,
ਹੋਰ ਇਥੇ ਕੀ ਏ । (ਗੰਗੂ ਤੋਂ ਗਾਂਧੀ ਤੱਕ)
ਇਸੇ ਜਜ਼ਬੇ ਅਧੀਨ ਹੀ ਉਸ ਨੇ ਆਪਣੀ ਦੂਜੀ ਕਾਵਿ-ਪੁਸਤਕ ''ਗੰਗੂ ਦੀ ਰੂਹ'' ਲਿਖੀ ਸੀ । ਇਸੇ ਜਜ਼ਬੇ ਅਧੀਨ ਹੀ ੧੯੭੧ ਵਿਚ ਡੇਰਾ ਬਸੀ ਵਿਚ ਹੋ ਰਹੀ ਇਕ ਵੱਡੀ ਕਾਨਫ਼ਰੰਸ ਸਮੇਂ ਇੰਦਰਾ ਗਾਂਧੀ ਦੇ ਮੂੰਹ ਤੇ ਖ਼ਾਲਿਸਤਾਨ ਪੱਖੀ ਪੈਂਫਲਿਟ ਮਾਰੇ ਸਨ ।
ਸ: ਗਜਿੰਦਰ ਸਿੰਘ ਪਹਿਲਾ ਸਿੱਖ ਨੌਜਵਾਨ ਸਿਆਸਤਦਾਨ ਹੈ, ਜਿਸ ਨੇ ੧੯੪੭ ਤੋਂ ਬਾਦ ਹਿੰਦੂ ਸਾਮਰਾਜ ਦੇ ਜ਼ੁਲਮਾਂ ਦਾ ਟਾਕਰਾ ਕਰਨ ਲਈ ਸਿੱਖ ਮੁਸਲਮ ਗਠਜੋੜ ਦੀ ਨੀਂਹ ਰੱਖੀ । ੩੧ ਮਈ ੧੯੮੦ ਨੂੰ ਚੰਡੀਗੜ੍ਹ ਵਿਚ 'ਦਲ ਖਾਲਸਾ' ਤੇ 'ਸਿੱਖ ਸੋਫਿਸਟੀਕੇਟਸ ਫੋਰਮ' ਵਲੋਂ ਕੀਤੀ ਗਈ ਕਨਵੈਨਸ਼ਨ ਪਹਿਲੀ 'ਸਿੱਖ ਸਟੇਜ' ਸੀ ਜਿਸ ਨੂੰ ਸ਼ਾਹੀ ਇਮਾਮ ਸਈਅਦ ਅਬਦੁੱਲਾ ਬੁਖਾਰੀ ਸਾਹਿਬ ਨੇ ਸੰਬੋਧਨ ਕੀਤਾ ਸੀ । ਉਸ ਸਮੇਂ ਤੋਂ ਹੀ ਸ। ਗਜਿੰਦਰ ਸਿੰਘ 'ਸਿੱਖ ਮੁਸਲਮ' ਸਾਂਝ ਦੀ ਪਹਿਲੀ ਕੜੀ ਵਜੋਂ ਜਾਣਿਆਂ ਜਾਂਦਾ ਹੈ । ਇਸੇ ਭਾਵਨਾ ਤਹਿਤ ਸ। ਗਜਿੰਦਰ ਸਿੰਘ ਨੇ ਬਹੁਤ ਸਮਾਂ ਪਹਿਲਾਂ ਸਿੱਖ ਫੋਜੀਆਂ ਨੂੰ ਸਾਵਧਾਨ ਕੀਤਾ ਸੀ:
ਸਰਹੱਦਾਂ ਤੇ ਲੜ ਰਹੇ ਹੁਕਮ ਵਜਾ ਰਹੇ ਹੋ
ਦਸ਼ਮੇਸ਼ ਦੇ ਵਾਰਸੋ ਉਸ ਪਾਸੇ ਡੁਲ੍ਹਦਾ ਖ਼ੂਨ
ਬੁਧੂ ਸ਼ਾਹ ਦੇ ਵਾਰਸਾਂ ਤੇ ਕੀ ਗ਼ੈਰਾਂ ਦਾ ਖ਼ੂਨ ਹੈ?
ਗੋਲੀ ਚਲਾ ਰਹੇ ਹੋ । ਅੰਦਰ ਤੁਹਾਡੇ ਫਿਰਦਾ
ਗੰਗੂ ਦੇ ਵਾਰਸਾਂ ਦਾ ਕਿਉਂ ਹਿੰਦੂ ਜਨੂੰਨ ਹੈ?
(ਗੰਗੂ ਤੋਂ ਗਾਂਧੀ ਤਕ)
ਸ। ਗਜਿੰਦਰ ਸਿੰਘ ਨੇ ਦਿੱਲੀ ਨੂੰ ਹਮੇਸ਼ਾਂ ਸਿੱਖ ਕੌਮ ਦੇ ਵੈਰੀ ਦੇ ਰੂਪ ਵਿਚ ਦੇਖਿਆ:
ਇਹ ਦਿੱਲੀ ਸਾਡੀ ਵੈਰੀ ਹੈ
ਸਾਨੂੰ ਅੱਜ ਤੱਕ ਰੋਲਦੀ ਆਈ ਹੈ
ਅੱਜ ਹੱਕਾਂ ਖ਼ਾਤਰ ਸੁਣ ਦਿੱਲੀ
ਅਸਾਂ ਜ਼ਿੰਦਗੀ ਦਾਅ ਤੇ ਲਾਈ ਹੈ ।
(ਨਹੀਂ ਜਬਰ ਕਿਸੇ ਦਾ ਸਹਿਣਾ ਹੈ)
ਦਿੱਲੀ ਦੇ ਖਿਲਾਫ ਫੈਸਲਾਕੁੰਨ ਲੜਾਈ ਲੜਨ ਦਾ ਜ਼ਿਕਰ ਸ: ਗਜਿੰਦਰ ਸਿੰਘ ਨੇ ਆਪਣੀ ਕਵਿਤਾ ਵਿਚ ਵੀ ਕੀਤਾ ਹੈ:
ਮੈਂ ਉਹ ਲੜਾਈ ਲੜ ਰਿਹਾਂ
ਜੋ ਸਾਡੇ ਜਿਊਣ ਤੇ ਮਰਨ ਦਾ ਫੈਸਲਾ ਕਰੇਗੀ
ਲੜਾਈ ਉਸ ਦੌਰ ਵਿਚ
ਹੁਣ ਪਹੁੰਚ ਚੁੱਕੀ ਹੈ
ਜਦ ਮੌਤ ਨਾਲ ਮੋਢਾ ਜੋੜ ਕੇ
ਇਹ ਜ਼ਿੰਦਗੀ ਵੀ ਲੜੇਗੀ । (ਮੈਂ ਤਾਂ ਲੜਦਾ ਹਾਂ)
ਸ: ਗਜਿੰਦਰ ਸਿੰਘ ਆਪ ਇਹ ਗੱਲ ਮੰਨਿਆ ਕਰਦਾ ਸੀ ਕਿ ਉਹ ਕੋਈ ਜਨਮ ਜਾਤ ਕਵੀ ਨਹੀਂ ਹੈ, ਬਲਕਿ ਉਹ ਤਾਂ ਸਿੱਖ ਕੌਮ ਦੇ ਘਰ 'ਖਾਲਿਸਤਾਨ' ਲਈ ਜੂਝਣ ਵਾਲਾ ਸਿਪਾਹੀ ਹੈ । ਹਿੰਦੂ ਸਾਮਰਾਜ ਦੇ ਜਬਰ ਅਤੇ ਜ਼ੁਲਮ ਵਿਰੁਧ ਖੜਕਦੇ ਬੋਲ ਹੀ ਕਵਿਤਾ ਬਣ ਗਏ । ਉਹ ਕਲਮ ਅਤੇ ਤਲਵਾਰ ਦੋਹਾਂ ਨਾਲ ਲੜਿਆ:
ਕਲਮ ਤਲਵਾਰ ਵਾਂਗ ਸਫਿਆਂ ਤੇ
ਜਦ ਵੀ ਵਾਰ ਕਰੇਗੀ
ਇਹਦੇ ਹਰ ਵਾਰ ਨਾਲ
ਕਈ ਜਾਬਰਾਂ ਦੀ ਧੌਣ ਝੜੇਗੀ । (ਕਲਮ ਇਹ ਜੰਗ ਲੜੇਗੀ)
ਹਥਲੀ ਕਾਵਿ-ਪੁਸਤਕ 'ਪੰਜ ਤੀਰ ਹੋਰ' ਤੋਂ ਉਪਰੰਤ ਸ: ਗਜਿੰਦਰ ਸਿੰਘ ਦੇ ਦੋ ਕਾਵਿ-ਸੰਗ੍ਰਹਿ ''ਗੰਗੂ ਦੀ ਰੂਹ'' ਅਤੇ 'ਵਸੀਅਤਨਾਮਾ'' ਛਪੇ । ਪ੍ਰੰਤੂ ਇਹਨਾਂ ਲੋਹੇ ਦੇ ਚਣਿਆਂ ਨੂੰ ਸਰਕਾਰ ਚਬਾ ਨਹੀਂ ਸਕੀ ਅਤੇ ਛਪਦਿਆਂ ਹੀ ਪਾਬੰਦੀ ਲੱਗ ਗਈ ।
ਅੰਤ ਵਿਚ ਸਮੂਹ ਸਿੱਖ ਨੌਜਵਾਨਾਂ ਨੂੰ ਹਥਲੀ ਕਾਵਿ-ਪੁਸਤਕ ਪੜ੍ਹ ਕੇ ਉਸ ਤੋਂ ਸੇਧ ਲੈਣ ਦੀ ਪ੍ਰੇਰਨਾ ਕਰਦਾ ਹੋਇਆ ਸ। ਗਜਿੰਦਰ ਸਿੰਘ ਦੇ ਬੋਲਾਂ ਵਿਚ ਹੀ ਆਪਣੀ ਗੱਲ ਖ਼ਤਮ ਕਰਦਾ ਹਾਂ:
ਬਾਪੂ ਅੱਜ ਲੜਨ ਦਾ ਨਿਸਚਾ,
ਤੇਰੇ ਬੰਦਿਆਂ ਨੇ ਮੁੜ ਕੀਤੈ,
ਤੇਰੇ ਤੀਰਾਂ ਨੂੰ ਤੈਥੋਂ ਮੰਗਣ ਦਾ,
ਤਾਂ ਹੀ ਹੌਸਲਾ ਕੀਤੈ । (ਪੰਜ ਤੀਰ ਹੋਰ)
ਰਣਜੀਤ ਸਿੰਘ 'ਰਾਣਾ,
ਐਕਟਿੰਗ ਮੁੱਖ ਪੰਚ, ਦਲ ਖ਼ਾਲਸਾ ਕੌਮਾਂਤਰੀ ।
ਕੁਝ ਕਰਤਾ ਦੇ ਜੀਵਨ ਬਾਰੇ
੧੯੪੭ ਦੀ ਵੰਡ ਪਿੱਛੋਂ ਹਰੀਪੁਰ ਹਜ਼ਾਰਾ (ਪਾਕਿਸਤਾਨ) ਛੱਡ ਕੇ ਪਟਿਆਲੇ ਆ ਕੇ ਟਿਕੇ ਸ: ਮਨੋਹਰ ਸਿੰਘ ਅਤੇ ਰਣਜੀਤ ਕੌਰ ਦੇ ਘਰ ਸ। ਗਜਿੰਦਰ ਸਿੰਘ ਨੇ ਜਨਮ ਲਿਆ । ਮਾਪੇ ਅਜਕਲ ਚੰਡੀਗੜ੍ਹ ਹਨ ਅਤੇ ਗਜਿੰਦਰ ਸਿੰਘ ਪਾਕਿਸਤਾਨ ਦੀ ਕਿਸੇ ਜੇਲ੍ਹ ਵਿਚ ਤਿਆਰ ਬਰ ਤਿਆਰ ਅੰਮ੍ਰਿਤਧਾਰੀ ਸਿੰਘ ਹੋਣ ਕਰ ਕੇ ਬਚਪਨ ਤੋਂ ਹੀ ਜੁਝਾਰੂ ਬਿਰਤੀ ਵਾਲੇ ਹਨ । ਕੌਮੀ ਆਜ਼ਾਦੀ ਸੰਘਰਸ਼ ਲਈ ਸ਼ਹੀਦ ਫੇਰੂਮਾਨ ਦੀ ਸ਼ਹੀਦੀ ਤੋਂ ਬਾਦ ਅਰਦਾਸੇ ਸੋਧ ਕੇ ਕਮਰ-ਕੱਸੇ ਕਰ ਲਏ ਤੇ ਮੁੜ੍ਹ ਕਦੇ ਪਿਛਾਂਹ ਮੁੜ੍ਹ ਕੇ ਨਹੀਂ ਦੇਖਿਆ । ਜੰਗ ਭਾਵੇਂ ਕਲਮ ਦੀ ਸੀ, ਭਾਵੇਂ ਤਲਵਾਰ ਦੀ, ਦੋਹਾਂ ਵਿਚ ਸ। ਗਜਿੰਦਰ ਸਿੰਘ ਨੇ ਜੌਹਰ ਦਿਖਾਏ ਤੇ ਮਾਅਰਕੇ ਮਾਰੇ ਹਨ ।
ਦਿਸੰਬਰ ੧੯੭੧ ਨੂੰ ਪਹਿਲੀ ਵਾਰੀ ਡੇਰਾ ਬੱਸੀ ਜ਼ਿਲਾ ਪਟਿਆਲਾ ਵਿਚ ਆਪਣੇ ਤਿੰਨ ਹੋਰ ਸਾਥੀਆਂ ਸਮੇਤ ਲੱਖਾਂ ਦੀ ਗਿਣਤੀ ਨੂੰ ਸੰਬੋਧਨ ਕਰ ਰਹੀ ਇੰਦਰਾ ਗਾਂਧੀ ਦੇ ਮੂੰਹ ਤੇ ਇਸ਼ਤਿਹਾਰ ਮਾਰੇ 'ਖਾਲਿਸਤਾਨ ਜ਼ਿੰਦਾਬਾਦ, ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਅਮਰ ਰਹੇ' ਦੇ ਨਾਹਰਿਆਂ ਨਾਲ ਖਾਲਿਸਤਾਨ ਦੀ ਲੜਾਈ ਦੀ, ਅਮਲੀ ਰੂਪ ਵਿਚ ਸ਼ੁਰੂਆਤ ਕੀਤੀ ।
ਸੰਨ ੧੯੭੫ ਦੀ ਐਮਰਜੈਂਸੀ ਦੌਰਾਨ ਸ: ਗਜਿੰਦਰ ਸਿੰਘ ਨੂੰ ਪੰਜਾਬ ਸਰਤਰੇਤ ਦੇ ਐਜੂਕੇਸ਼ਨ ਵਿਭਾਗ ਵਿਚੋਂ ਬਿਨਾਂ ''ਕਾਰਣ ਦਸੋਂ ਨੋਟਿਸ'' ਦਿਤੇ, ਨੌਕਰੀ ਤੋਂ ਬਰਖ਼ਾਸਤ ਕਰ ਕੇ ਚੰਡੀਗੜ੍ਹ ਦੀ ਬੁੜੈਲ ਜੇਹਲ ਵਚ ਬੰਦ ਕਰ ਦਿੱਤਾ ਗਿਆ । ਅਤੇ ਇਸ ਦੇ ਨਾਲ ਹੀ ਇਸ ਕਾਵਿ ਸੰਗ੍ਰਹਿ ''ਪੰਜ ਤੀਰ ਹੋਰ'' ਉਪਰ ਭਾਰਤੀ ਹਕੂਮੱਤ ਵੱਲੋਂ ਪਾਬੰਦੀ ਲਗਾ ਦਿੱਤੀ ਗਈ ।
੬ ਅਗਸਤ ੧੯੭੮ ਨੂੰ ਦਲ ਖਾਲਸਾ ਦੀ ਸਿਰਜਣਾ ਦਾ ਸਿਹਰਾ ਵੀ ਸ। ਗਜਿੰਦਰ ਸਿੰਘ ਨੂੰ ਹੀ ਜਾਂਦਾ ਹੈ । ਉਸ ਵਕਤ ਤੋਂ ਅਜ ਤਕ ਦਲ ਖਾਲਸਾ ਦੇ ਕੌਮਾਂਤਰੀ ਆਗੂ ਹਨ ।
ਗੁਰੂ ਪੰਥ ਦਾ ਦਾਸ:
ਮਨਮੋਹਨ ਸਿੰਘ ਖਾਲਸਾ
ਮੁੱਖ ਮੰਚ, ਦਲ ਖਾਲਸਾ (ਕੌਮਾਂਤਰੀ)
ਖਾਲਸਈ ਪੰਜਾਬ ਦੇ ਕੌਮੀ ਕਵੀ ਸ਼ਾਹ ਮੁਹੰਮਦ ਦੇ ਨਾਂ
ਕੋ ਕਾਹੂੰ ਕਓ ਰਾਜ ਨ ਦੇਹਿੰ ।
ਜੋ ਲੇਹਿੰ ਨਿਜ ਬਲ ਸੇ ਲੇਹਿੰ
ਮੇਰੀ ਛਾਤੀ ਤੇਰੀ ਸੰਗੀਨ
ਮੇਰੇ ਸੀਨੇ ਨੂੰ ਚੀਰ ਕੇ ਵੇਖੋ
ਤੇ ਧਾਰ ਖੰਜਰ ਦੀ ਅਜ਼ਮਾਓ
ਜੋ ਲਿਖਿਐ ਹਰ ਪਰਤ ਉਤੇ
ਮਿਟਾ ਸਕਦੇ ਹੋ ਮਿਟਾਓ..........।
ਹੈ ਲਿਖਿਆ ਹਰ ਪਰਤ ਉਤੇ
ਨਿਸ਼ਾਨਾ ਕੌਮ ਦਾ ਮੇਰੀ
ਮੇਰੀ ਛਾਤੀ ਸਕੇ ਜੋ ਚੀਰ
ਉਹ ਸੰਗੀਨ ਨਹੀਂ ਤੇਰੀ
+++++
ਪੰਜ ਤੀਰ ਹੋਰ
ਜਦੋਂ ਬੰਦੇ ਨੂੰ ਆਪਣੀ ਤਰਕਸ਼ 'ਚੋਂ
ਪੰਜ ਤੀਰ ਤੂੰ ਦਿੱਤੇ
ਤਾਂ ਸੁਣਿਐਂ ਜ਼ਾਲਮਾਂ ਤੋਂ ਯੁੱਧ
ਬੰਦੇ ਨੇ ਬਹੁਤ ਜਿੱਤੇ
ਤੇਰੇ ਤਰਕਸ਼ ਦੇ ਪੰਜ ਤੀਰਾਂ ਨੇ
ਉੱਤਲੀ ਹੇਠ ਕੀਤੀ ਸੀ
ਤੇਰੇ ਹਰ ਤੀਰ ਨੇ ਤੋਪਾਂ ਦੀ
ਸੁਣਿਐਂ ਗਰਜ ਸੀਤੀ ਸੀ
ਅਸੀਂ ਪੰਜ ਤੀਰ ਤਰਕਸ਼ 'ਚੋਂ ਤੇਰੀ
ਮੁੜ੍ਹ ਮੰਗਣ ਆਏ ਹਾਂ
ਤੇਰੇ ਸਿੱਖ ਹਾਂ, ਹਾਂ ਤੇਰਾ ਰੂਪ
ਬਿਨ ਸੰਗਣ ਹੀ ਆਏ ਹਾਂ
ਤੇਰੀ ਅੱਜ ਕੌਮ ਦੇ ਸਿਰ ਤੇ ਨਹੀਂ
ਪੈਰਾਂ 'ਚ ਹੈ ਆਰੀ
ਇਸੇ ਲਈ ਕੌਮ ਤੇਰੀ ਤੇ ਬਣੀ
ਅੱਜ ਭੀੜ੍ਹ ਹੈ ਭਾਰੀ
ਬਾਪੂ ਅੱਜ ਲੜ੍ਹਨ ਦਾ ਨਿਸਚਾ
ਤੇਰੇ ਬੰਦਿਆਂ ਨੇ ਮੁੜ੍ਹ ਕੀਤੈ
ਤੇਰੇ ਤੀਰਾਂ ਨੂੰ ਤੈਥੋਂ ਮੰਗਣ ਦਾ
ਤਾਂ ਹੀ ਹੌਂਸਲਾ ਕੀਤੈ
ਤੇਰੇ ਤਰਕਸ਼ ਦੇ ਤੀਰਾਂ ਨਾਲ
ਨਿਸ਼ਾਨੇ ਵਿੰਨ ਵਿੰਨ ਮਾਰਾਂਗੇ
ਤੇ ਗਿਣ ਗਿਣ ਕੇ ਸਿਰਾਂ ਨੂੰ
ਸਿਰਾਂ ਦੇ ਅਸੀਂ ਮੁੱਲ ਉਤਾਰਾਂਗੇ
ਤੇਰੇ ਤੀਰਾਂ ਨਾਲ ਚੱਲਦੀ ਹਵਾ ਦਾ
ਅਸੀਂ ਰੁੱਖ ਮੋੜ੍ਹਾਂਗੇ
ਜਿਹਨਾਂ ਸੰਗਲਾਂ 'ਚ ਜੱਕੜਿਐ ਕੌਮ ਨੂੰ
ਉਹ ਸੰਗਲ ਤੋੜ੍ਹਾਂਗੇ
ਤੇਰੇ ਝੰਡੇ ਦੀ ਥਾਵੇਂ
ਝੂਲਦੇ ਨੇ ਝੰਡੇ ਅੱਜ ਜਿਹੜੇ
ਇਨ੍ਹਾਂ ਝੰਡਿਆਂ ਨੂੰ ਲਾਹਵਾਂਗੇ
ਸਮੁੰਦਰਾਂ ਵਿੱਚ ਰੋਹੜਾਂਗੇ
ਤੇਰੇ ਹੁਕਮਾਂ ਦਾ ਇੱਥੇ
ਫੇਰ ਵੇਖੀਂ ਰਾਜ ਹੋਵੇਗਾ
ਤੇ ਤੇਰੀ ਲਹੂ 'ਚ ਲਿਬੜੀ
ਕੌਮ ਦੇ ਸਿਰ ਤਾਜ ਹੋਵੇਗਾ ।
+++++
ਇਕ ਰੋਸ਼ਨੀ ਨਜ਼ਰ ਆਈ
ਦਸ਼ਮੇਸ਼ ਦੇ ਵਾਰਸੋ ਸੁਣੋ
ਬੰਦੇ ਦੇ ਸਾਥੀਓ ਸੁਣੋ
ਇਕ ਅਰਜ਼ ਨਿਮਾਣੀ ਸੁਣੋ
ਯੋਧਿਆਂ ਦੀ ਕੌਮ ਇਹ
ਜੁਝਾਰੂਆਂ ਦੀ ਕੌਮ ਇਹ
ਹੋ ਬੈਠੀ ਨਿਤਾਣੀ ਸੁਣੋ ।
ਜਿਨ੍ਹਾਂ ਵਕਤ ਦੇ ਵਹਿਣ ਮੋੜੇ
ਮੂੰਹ ਜਾਬਰਾਂ ਦੇ ਤੋੜੇ ਸਨ ।
ਜੋ ਸੱਚ ਤੋਂ ਵੀ ਸੱਚੇ ਸਨ
ਧਾਰਾਂ ਤੇ ਚੜ੍ਹ ਜੋ ਨੱਚੇ ਸਨ ।
ਜੋ ਆਰਿਆਂ ਤੇ ਚੜ੍ਹ ਗਏ
ਨੀਹਾਂ 'ਚ ਜਾ ਕੇ ਖੜ੍ਹ ਗਏ ।
ਬੰਦ ਬੰਦ ਜਿਨ੍ਹਾਂ ਕਟਾਏ ਸਨ,
ਤੰਨ ਆਰਿਆਂ ਨਾਲ ਚਿਰਾਏ ਸਨ ।
ਜਾਬਰਾਂ ਦੇ ਕਹਿਰ ਵਿਚ,
ਕੁਰਬਾਨੀਆਂ ਦੀ ਲਹਿਰ ਵਿਚ
ਇੰਝ ਜੰਗ ਇਕ ਚਲਦੀ ਰਹੀ,
ਪਰ ਕੌਮ ਇਹ ਪਲਦੀ ਰਹੀ ।
ਜੂਝਦਿਆਂ ਲੜਦਿਆਂ,
ਚਰਖੀਆਂ ਤੇ ਚੜ੍ਹਦਿਆਂ,
ਸਰਹਿੰਦ ਫਤਹਿ ਕਰ ਲਈ,
ਆਜ਼ਾਦੀ ਦੀ ਵਹੁਟੀ ਵਰ ਲਈ
ਇੰਝ ਬਾਗ਼ੀਓਂ ਬਾਦਸ਼ਾਹ ਬਣੇ,
ਫਿਰ ਬਾਗ਼ੀ ਹੋਏ ਅਸੀਂ ।
ਲੜਦੇ ਰਹੇ ਲੜਦੇ ਰਹੇ,
ਨਹੀਂ ਤੇਗ਼ ਕਦੇ ਤਿਆਗੀ ਅਸੀਂ
ਪਰ ਅੱਜ ਕੀ ਹੈ ਹੋ ਗਿਆ
ਕਿਓਂ ਪੰਥ ਸਾਰਾ ਸੌਂ ਗਿਆ
ਸਾਡੀ ਤੇਗ਼ ਨੂੰ ਕਿਸ ਡਸਿਆ
ਤੀਰਾਂ ਨੂੰ ਕਿਸ ਨੇ ਕੀਲਿਆ
ਜਾਂ ਰੱਤ ਪਾਣੀ ਹੋ ਗਿਆ
ਜਾਂ ਰੱਤ ਸਾਡਾ ਪੀ ਲਿਆ
ਜੂਝਣ ਤੋਂ ਅੱਜ ਹਾਂ ਡਰ ਰਹੇ
ਬਿਨ੍ਹ ਮੌਤ ਤਾਹੀਓਂ ਮਰ ਰਹੇ
ਹਾਕਮ ਅਸੀਂ ਨਾ ਬਣ ਸਕੇ
ਬਾਗ਼ੀ ਵੀ ਅੱਜ ਨਾ ਰਹਿ ਸਕੇ
ਨਾ ਲੜ੍ਹ ਸਕੇ ਜ਼ਾਲਿਮ ਦੇ ਨਾਲ
ਨਾ ਜ਼ੁਲਮ ਨੂੰ ਹੀ ਸਹਿ ਸਕੇ
ਹਾਲਤ ਅਜਿਹੀ ਆ ਗਈ
ਨ੍ਹੇਰੇ ਦੀ ਸੱਫ਼ ਜਿਹੀ ਛਾ ਗਈ
ਫਿਰ ਦੂਰੋਂ ਹਨ੍ਹੇਰੀ ਰਾਤ ਚੋਂ
ਇਕ ਰੋਸ਼ਨੀ ਆਈ ਨਜ਼ਰ
ਦਸ਼ਮੇਸ਼ ਦਿਆਂ ਬੰਦਿਆਂ ਨੇ
ਫਿਰ ਓਧਰ ਦੌੜ੍ਹਾਈ ਨਜ਼ਰ
ਉਸ ਰੌਸ਼ਨੀ ਤੋਂ ਸੇਧ ਲੈ
ਮੁੜ੍ਹ ਤੁਰ ਪਏ ਉਹ ਲੜ੍ਹਨ ਨੂੰ
ਇਕ ਖੇਡ ਨੇ ਉਹ ਸਮਝਦੇ
ਹੁਣ ਫਾਂਸੀਆਂ ਤੇ ਚੜ੍ਹਨ ਨੂੰ
ਦਸ਼ਮੇਸ਼ ਦੇ ਵਾਰਸੋ ਸੁਣੋ
ਬੰਦੇ ਦੇ ਸਾਥੀਓ ਸੁਣੋ
ਇਕ ਅਰਜ਼ ਨਿਮਾਣੀ ਸੁਣੋ
ਯੋਧਿਆਂ ਦੀ ਕੌਮ ਇਹ
ਜੁਝਾਰੂਆਂ ਦੀ ਕੌਮ ਇਹ
ਹੋ ਬੈਠੀ ਨਿਤਾਣੀ ਸੁਣੋ ।
+++++