Jan 10, 2011

ਇੱਕ ਸੋ ਸਾਲ ਦੇ ਸਿਰਦਾਰ ਕਪੂਰ ਸਿੰਘ

ਇੱਕ ਸੋ ਸਾਲ ਦੇ ਸਿਰਦਾਰ ਕਪੂਰ ਸਿੰਘ

ਗਜਿੰਦਰ ਸਿੰਘ


         
ਇਸ ਦੋ ਮਾਰਚ ਨੂੰ ਸਿਰਦਾਰ ਕਪੂਰ ਸਿੰਘ ਇੱਕ ਸੌ ਸਾਲ ਦੇ ਹੋ ਰਹੇ ਹਨ ਤੇ ਦਿੱਲ ਵਿੱਚ ਕੌਮ ਦਾ ਦਰਦ ਰੱਖਣ ਵਾਲਾ ਹਰ ਸਿੱਖ ਉਹਨਾਂ ਦਾ ਜਨਮ ਦਿਨ ਮਨਾ ਰਿਹਾ ਹੈ ਜਿਸ ਦਿੱਲ ਵਿੱਚ ਕੌਮ ਦਾ ਦਰਦ ਹੈ, ਉਸ ਦਿੱਲ ਵਿੱਚ ਸਿਰਦਾਰ ਕਪੂਰ ਸਿੰਘ ਜ਼ਿੰਦਾ ਹੈ 

         
ਮੇਰਾ ਰਿਸ਼ਤਾ ਸਿਰਦਾਰ ਕਪੂਰ ਸਿੰਘ ਹੁਰਾਂ ਨਾਲ ਓਦੋਂ ਦਾ ਹੈ, ਜਦੋਂ ਮੈਂ ਚੰਡੀਗੜ੍ਹ ਦੇ ਗੁਰੂ ਗੋਬਿੰਦ ਸਿੰਘ ਕਾਲਜ ਵਿੱਚ ਪ੍ਰੀ ਇਨਜੀਨੀਅਰਿੰਗ ਵਿੱਚ ਪੜ੍ਹਦਾ ਸੀ,ਕਾਲਜ ਦੀ ਲਾਇਬਰੇਰੀ ਵਿੱਚ ਪਏ ਇੱਕ ਰਸਾਲੇ ਵਿੱਚ ਸਿਰਦਾਰ ਸਾਹਿਬ ਦਾ ਇੱਕ ਲੇਖ ਛਪਿਆ ਸੀ, ''ਸਿੱਖ ਸਿਚੂਏਸ਼ਨ ਆਫਟਰ ਦੀ ਡੈਥ ਆਫ ਮਾਸਟਰ ਤਾਰਾ ਸਿੰਘ'' ਇਹ ਲੇਖ ਪੜ੍ਹ ਕੇ ਸਿਰਦਾਰ ਕਪੂਰ ਸਿੰਘ ਜੀ ਦੇ ਵਿਚਾਰਾਂ ਵਿੱਚੋਂ ਸਿੱਖ ਕੌਮ ਦੇ ਰੋਸ਼ਨ ਭਵਿੱਖ ਦੀ ਇੱਕ ਤਸਵੀਰ ਦਿਖਾਈ ਦਿੱਤੀ ਸੀ, ਜਿਸ ਨੇ ਮੇਰੀ ਉਸ ਤੋਂ ਬਾਦ ਦੀ ਸਾਰੀ ਜ਼ਿੰਦਗੀ ਨੂੰ ਰਹਿਨੁਮਾਈ ਬਖਸ਼ੀ ਹੈ
 
         
ਸਿਰਦਾਰ ਕਪੂਰ ਸਿੰਘ ਹੁਰਾਂ ਨਾਲ ਮੇਰੀ ਪਹਿਲੀ ਮੁਲਾਕਾਤ ਸ਼ਾਇਦ ੧੯੬੮/੬੯ ਵਿੱਚ ਹੋਈ ਸੀ, ਪੰਜਾਬ ਅਸੈਂਬਲੀ ਦੀਆਂ ਚੋਣਾਂ ਦੌਰਾਨ ਹਲਕਾ ਸਮਰਾਲਾ ਵਿੱਚ, ਜਿੱਥੋਂ ਉਹ ਅਕਾਲੀ ਦੱਲ ਦੇ ਉਮੀਦਵਾਰ ਵਜੋਂ ਚੋਣ ਲੜ੍ਹ ਰਹੇ ਸਨ, ਤੇ ਮੈਂ ਹੋਰ ਬਹੁਤ ਸਾਰੇ ਉਹਨਾਂ ਨੂੰ ਪਿਆਰ ਕਰਨ ਵਾਲਿਆਂ ਵਾਂਗ ਬਿਨ ਬੁਲਾਏ ਹੀ ਚਲਾ ਗਿਆ ਸਾਂ ਇਸ ਅਲੈਕਸ਼ਨ ਤੋਂ ਪਹਿਲਾਂ ਸਿਰਦਾਰ ਸਾਹਿਬ ਦੀ ਅਗਵਾਈ ਵਿੱਚ ਬਣੀ ਇੱਕ ਪੰਥਕ ਏਕਤਾ ਕਮੇਟੀ ਨੇ ਮਾਸਟਰ ਤਾਰਾ ਸਿੰਘ ਤੇ ਸੰਤ ਫਤਿਹ ਸਿੰਘ ਦੀ ਅਗਵਾਈ ਵਿੱਚ ਬਣੇ ਅਕਾਲੀ ਦੱਲ ਦੇ ਦੋਹਾਂ ਵੱਡੇ ਧੜਿਆਂ ਵਿੱਚ ਸਫਲਤਾ ਪੂਰਵਕ ਏਕਤਾ ਕਰਵਾਈ ਸੀ, ਜਿਸ ਤੋਂ ਬਾਦ ਉਹਨਾਂ ਨੂੰ ਸਾਂਝੇ ਅਕਾਲੀ ਦੱਲ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣਾ ਦਿੱਤਾ ਗਿਆ ਸੀ ਇਸ ਅਲੈਕਸ਼ਨ ਨੂੰ ਜਿੱਤਣ ਤੋਂ ਬਾਦ ਸਿਰਦਾਰ ਕਪੂਰ ਸਿੰਘ ਦੀ ਰਵਾਇਤੀ ਸੰਤ ਟੋਲੇ, ਤੇ ਜੱਥੇਦਾਰ ਗਰੁੱਪ ਨਾਲ ਬਹੁਤੀ ਦੇਰ ਬਣੀ ਨਹੀਂ ਸੀ ਰਹਿ ਸਕੀ, ਤੇ ਉਹਨਾਂ ਨੂੰ ਅਕਾਲੀ ਦੱਲ ਤੋਂ ਅਲੱਗ ਹੋਣਾ ਪੈ ਗਿਆ ਸੀ ਮੱਤਭੇਦ ਦਾ ਕਾਰਨ ਬਣਿਆਂ ਸੀ, ਉਹ ਮਤਾ ਜਿਸ ਤਹਿਤ ਦੋਵੇਂ ਅਕਾਲੀ ਦੱਲ ਇਕੱਠੇ ਹੋਏ ਸਨ ਸਿਰਦਾਰ ਕਪੂਰ ਸਿੰਘ ਇਸ ਮੱਤੇ ਮੁਤਾਬਿਕ ਸਿੱਖ- ਹੌਮਲੈਂਡ ਦੀ ਹਮਾਇਤ ਕਰਨ ਨੂੰ ਸਹੀ ਠਹਿਰਾਂਦੇ ਸਨ, ਤੇ ਸੰਤ ਧੜਾ੍ਹ ਇਸ ਦੇ ਵਿਰੁੱਧ ਬੋਲਦਾ ਸੀ ਇਹ ਮਤਾ ਸਿਰਦਾਰ ਕਪੂਰ ਸਿੰਘ ਦਾ ਹੀ ਤਿਆਰ ਕੀਤਾ ਸੁਣਿਆਂ ਜਾਂਦਾ ਸੀ, ਜਿਸ ਦੇ ਲਫ਼ਜ਼ ਮੇਰੀ ਯਾਦ ਮੁਤਾਬਿਕ ਬਾਦ ਵਿੱਚ ਪਾਸ ਕੀਤੇ ਗਏ ਆਨੰਦਪੁਰ ਸਾਹਿਬ ਦੇ ਮਤੇ ਨਾਲ ਬਹੁਤ ਮਿੱਲਦੇ ਜੁਲਦੇ ਹਨ
  
         
ਸਮਰਾਲੇ ਦੀ ਪਹਿਲੀ ਮੁਲਾਕਾਤ ਤੋਂ ਬਾਦ ਸਿਰਦਾਰ ਸਾਹਿਬ ਨਾਲ ਵਿਚਾਰ, ਪਿਆਰ ਤੇ ਸਤਿਕਾਰ ਦਾ ਕੁੱਝ ਅਜਿਹਾ ਮਜ਼ਬੂਤ ਰਿਸ਼ਤਾ ਬਣ ਗਿਆ ਕਿ ਅਗਰ ਮੇਰੇ ਕੋਲੋਂ ਕੁੱਝ ਦਿਨ ਉਹਨਾਂ ਨੂੰ ਮਿਲਣ ਨਾ ਜਾਇਆ ਜਾਂਦਾ ਤਾਂ ਉਹ ਆਪ ਚੱਲ ਕੇ ਆ ਜਾਂਦੇ ਸਿਆਸੀ ਕਾਨਫਰੰਸਾਂ ਤੇ ਸੈਮੀਨਾਰਾਂ ਤੋਂ ਲੈ ਕੇ ਮੇਰੇ ਵੱਡੇ ਭਰਾ ਦੇ ਵਿਆਹ ਤੱਕ ਜਿੱਥੇ ਵੀ ਕਦੇ ਉਹਨਾਂ ਨੂੰ ਮੈਂ ਚੱਲਣ ਲਈ ਕਿਹਾ, ਮੈਨੂੰ ਨਹੀਂ ਯਾਦ ਕੇ ਕਦੇ ਉਹਨਾਂ ਨੇ ਨਾਂਹ ਕੀਤੀ ਹੋਵੇ ਬਹੁਤ ਸਾਰੇ ਐਸੇ ਦੋਸਤ, ਜਿਹਨਾਂ ਨੇ ਆਪਣੀ ਸਿਰਦਾਰ ਸਾਹਿਬ ਨਾਲ ਨੇੜ੍ਹਤਾ ਦੇ ਬਾਰੇ ਬਾਦ ਵਿੱਚ ਬਹੁਤ ਕੁੱਝ ਕਿਹਾ ਤੇ ਲਿਖਿਆ ਹੈ, ਉਹਨਾਂ ਦੀ ਪਹਿਲੀ ਮੁਲਾਕਾਤ ਮੈਂ ਹੀ ਕਰਵਾਈ ਸੀ ਤੇ ਇਹਨਾਂ ਮੁਲਾਕਾਤਾਂ ਦੀਆਂ ਵੀ ਕਈ ਬੜੀਆਂ ਦਿਲਚਸਪ ਕਹਾਣੀਆਂ ਮੇਰੀਆਂ ਯਾਦਾਂ ਵਿੱਚ ਸਾਂਭੀਆਂ ਪਈਆਂ ਹਨ  
ਇੱਕ ਵਾਰ ਪਟਿਆਲਾ ਯੂਞੀਵਰਸਿਟੀ ਦੇ ਕੁੱਝ ਵੱਡੇ ਭਰਾਵਾਂ ਵਰਗੇ ਦੋਸਤਾਂ ਨੇ ਮੈਨੂੰ ਆਪਣੀਆਂ ਇਹਨਾਂ ਮੁਲਾਕਾਤਾਂ ਨੂੰ ਕਲਮਬੰਦ ਕਰਨ ਲਈ ਇਹ ਕਹਿ ਕੇ ਪ੍ਰੇਰਿਆ ਸੀ, ਗਜਿੰਦਰ ਤੂੰ ਖੁਸ਼ਕਿਸਮਤ ਹੈਂ ਕਿ ਤੌਨੂੰ ਸਿਰਦਾਰ ਸਾਹਿਬ ਦੀ ਨੇੜਤਾ ਨੂੰ ਮਾਣਨ ਦਾ ਇੰਨਾ ਮੌਕਾ ਮਿੱਲ ਰਿਹਾ ਹੈ ਮੈਂ ਜੇਲ੍ਹ ਦੀ ਜ਼ਿੰਦਗੀ ਦੌਰਾਨ ਸਿਰਦਾਰ ਸਾਹਿਬ ਨਾਲ ਆਪਣੀਆਂ ਮੁਲਾਕਾਤਾਂ ਨੂੰ ਲੜੀਵਾਰ ਕਲਮਬੰਦ ਕਰਨਾ ਸ਼ੁਰੂ ਕੀਤਾ ਸੀ, ਤੇ ਇਹ ਦੱਸ ਕੂ ਲੇਖ ਕੈਨੇਡਾ ਤੋਂ ਨਿਕਲਦੇ ਰਸਾਲੇ ''ਜਾਗੋ ਇੰਟਰਨੈਸ਼ਨਲ'' ਵਿੱਚ ਛੱਪਦੇ ਰਹੇ ਸਨ ਮੇਰਾ ਖਿਆਲ ਸੀ ਕਿ ਕਦੇ ਇਹਨਾਂ ਲੇਖਾਂ ਨੂੰ ਕੱਠਾ ਕਰ ਕੇ ''ਯਾਦਾਂ ਦਾ ਸਰਮਾਇਆ'' ਨਾਮ ਹੇਠ ਕਿਤਾਬੀ ਰੂਪ ਵਿੱਚ ਪ੍ਰਕਾਸ਼ਤ ਕਰਾਂਗਾ, ਪਰ ਮੇਰਾ ਇਹ ਸੁਪਨਾ ਹਾਲੇ ਅਧੂਰਾ ਹੈ, ਜੋ ਮੈਂ ਮਰਨ ਤੋਂ ਪਹਿਲਾਂ ਪੂਰਾ ਕਰਨ ਦਾ ਖਿਆਲ ਤਾਂ ਰੱਖਦਾ ਹਾਂ, ਪਰ ਅੱਗੇ ਵਾਹਿਗੁਰੂ ਜਾਣੇ ।  
         
ਇੱਕ ਵਾਰ ਇੱਕ ਅਕਾਲੀ ਲੀਡਰ ਨੇ ਸਾਡੇ ਸਾਹਮਣੇ ਸਿਰਦਾਰ ਕਪੂਰ ਸਿੰਘ ਦੀ ਨੁਕਤਾਚੀਨੀ ਕਰਦੇ ਹੋਏ ਕਿਹਾ ਸੀ ਕਿ ਉਹ ਬਹੁਤ ਹੈਂਕੜ ਤੇ ਆਕੜ ਵਾਲਾ ਰਵਈਆ ਰੱਖਦੇ ਹਨ, ਤੇ ਇਸੇ ਕਰ ਕੇ ਉਹ ਅਕਾਲੀ ਦੱਲ ਵਿੱਚ ਐਡਜਸਟ ਨਹੀਂ ਕਰ ਸਕੇ ਇਸ ਦੇ ਜਵਾਬ ਵਿੱਚ ਜਦੋਂ ਮੈਂ ਇਹ ਕਿਹਾ ਕਿ ਉਹਨਾਂ ਦੀ ਹੈਂਕੜ੍ਹ ਬੇਅਸੂਲੇ ਅਕਾਲੀ ਲੀਡਰਾਂ ਲਈ ਹੀ ਹੁੰਦੀ ਹੋਵੇਗੀ, ਸਾਡੇ ਨਾਲ ਤਾਂ ਉਹ ਇੱਕ ਢਾਬੇ ਤੇ ਬਹਿ ਕੇ ''ਪੱਚੀ ਪੈਸੇ ਵਾਲਾ ਚਾਹ ਦਾ ਕੱਪ'' ਵੀ ਪੀ ਲੈਂਦੇ ਹਨ, ਤਾਂ ਉਸ ਲਈ ਇਹ ਬਹੁਤ ਵੱਡੀ ਹੈਰਾਨੀ ਦੀ ਗੱਲ ਸੀ ਉਹਨਾਂ ਦੇ ਸੁਭਾ ਦੀ ਸਾਦਗੀ ਐਸੀ ਸੀ ਕਿ ਮੇਰੇ ਤੇ ਮੇਰੇ ਦੋਸਤਾਂ ਨਾਲ ਸਿਰਦਾਰ ਕਪੂਰ ਸਿੰਘ ਜੀ ਸਿਰਫ ਪੱਚੀ ਪੈਸੇ ਵਾਲਾ ਚਾਹ ਦਾ ਕੱਪ ਹੀ ਨਹੀਂ ਪੀ ਲੈਂਦੇ ਸਨ, ਬਲਕਿ ਜਲੇਬੀਆਂ, ਰੱਸਗੁੱਲੇ ਤੇ ਗੋਲਗੱਪੇ ਵੀ ਖਾ ਲੈਂਦੇ ਸਨ ਉਹਨਾਂ ਦੇ ਬਾਦਸ਼ਾਹੀ ਵਾਲੇ ਸੁਭਾ ਵਿੱਚ ਫਕੀਰੀ ਸੀ, ਤੇ ਫਕੀਰੀ ਵਿੱਚ ਬਾਦਸ਼ਾਹੀ ਸੀ, ਤੇ ਉਹਨਾਂ ਦੀ ਇਹੋ ਅਦਾ ਮੈਨੂੰ ਬਹੁਤ ਪਸੰਦ ਸੀ ਤੇ ਵਕਤ ਨਾਲ ਇਹੀ ਮੇਰੀ ਜ਼ਿੰਦਗੀ ਦਾ ਹਿੱਸਾ ਵੀ ਬਣਦੀ ਗਈ ਹੈ  

         
੧੯੭੮ ਵਿੱਚ ਦਲ ਖਾਲਸਾ ਦੇ ਗੱਠਨ ਵੇਲੇ ਸਿਰਦਾਰ ਕਪੂਰ ਸਿੰਘ ਦੀ ਵਿਚਾਰਧਾਰਕ ਰਹਿਨੁਮਾਈ ਸਾਨੂੰ ਪੂਰੀ ਤਰਾਂ੍ਹ ਹਾਸਿਲ ਸੀ, ਭਾਵੇਂ ਉਹ ੬ ਅਗਸਤ ਦੀ ਕਨਵੈਨਸ਼ਨ ਵਿੱਚ ਸਰੀਰਕ ਤੌਰ ਤੇ ਹਾਜ਼ਿਰ ਨਹੀਂ ਸਨ ਉਹਨਾਂ ਦੀ ਇਹ ਨਾ ਮੌਜੂਦਗੀ ਸਾਡੀ ਆਪਸੀ ਸਹਿਮਤੀ ਕਰ ਕੇ ਸੀ, ਕਿਸੇ ਹੋਰ ਵਜਾ੍ਹ ਕਰ ਕੇ ਨਹੀਂ ਡਾਕਟਰ ਜਗਜੀਤ ਸਿੰਘ, ਹਰਗੁਰਅਨਾਦ ਸਿੰਘ, ਕਰਨਲ ਆਤਮਾ ਸਿੰਘ ਵਰਗੇ ਕੁੱਝ ਬਜ਼ੁਰਗ ਆਗੂ ਆਪ ਮੁਹਾਰੇ ਇਸ ਇਕੱਠ ਵਿੱਚ ਸ਼ਾਮਿਲ ਹੋਏ ਸਨ, ਪਰ ਅਸੀਂ ਉਹਨਾਂ ਨੂੰ ਜੱਥੇਬੰਦੀ ਦਾ ਹਿੱਸਾ ਨਹੀਂ ਸੀ ਬਣਾਇਆ, ਤੇ ਇੰਝ ਸਾਡੇ ਕੋਰ ਗਰੁੱਪ ਵੱਲੋ ਪਹਿਲਾਂ ਕੀਤੇ ਹੋਏ ਫੈਸਲੇ  ਮੁਤਾਬਿਕ ਕੀਤਾ ਗਿਆ ਸੀ ੧੯੮੧ ਵਿੱਚ ਦਲ ਖਾਲਸਾ ਦੇ ਅੰਡਰਗਰਾਉਂਡ ਜਾਣ ਤੱਕ ਸਿਰਦਾਰ ਕਪੂਰ ਸਿੰਘ ਜੀ ਸਾਡੀਆਂ ਸਰਗਰਮੀਆਂ ਨਾਲ ਹਮੇਸ਼ਾਂ ਜੁੜੇ ਰਹੇ ਹਨ, ਸਾਡੇ ਹਰ ਵੱਡੇ ਫੈਸਲੇ ਪਿੱਛੇ ਉਹਨਾਂ ਦਾ ਮਸ਼ਵਰਾ ਸ਼ਾਮਿਲ ਹੁੰਦਾ ਸੀ, ਤੇ ਸਾਡੇ ਹਰ ਵੱਡੇ ਫੰਕਸ਼ਨ ਦੇ ਉਹ ਮੁੱਖ ਮਹਿਮਾਨ ਹੁੰਦੇ ਸਨ ਅਸੀਂ ਉਹਨਾਂ ਨੂੰ ਆਪਣੀਆਂ ਮੀਟਿੰਗਜ਼ ਵਿੱਚ ਨਹੀਂ ਸਾਂ ਸਦਦੇ ਹੁੰਦੇ, ਆਮ ਤੌਰ ਤੇ ਮਸ਼ਵਰੇ ਲਈ ਉਹਨਾਂ ਦੇ ਘਰ ਚੱਲ ਕੇ ਜਾਂਦੇ ਹੁੰਦੇ ਸਾਂ ਅਸੀਂ ਉਹਨਾਂ ਨੂੰ ਬੇਲੋੜੀ ਤਕਲੀਫ ਦੇਣ ਤੋਂ ਹਮੇਸ਼ਾਂ ਬੱਚਦੇ ਹੁੰਦੇ ਸਾਂ, ਪਰ ਉਹ ਸਾਡੇ ਰਹਿਨੁਮਾ ਸਨ, ਸਾਡੇ ਵੱਡੇ ਸਨ  
         
ਸਿਆਸੀ ਤੌਰ ਤੇ ਉਹਨਾਂ ਦੀ ਸੋਚ ਸਿੱਖ ਕੌਮ ਦੇ ਆਜ਼ਾਦ ਤੇ ਸੁਰਖਿਅੱਤ ਭਵਿੱਖ ਨੂੰ ਯਕੀਨੀ ਬਣਾਉਣ ਦੀ ਇੱਛਾ ਦੇ ਦੁਆਲੇ ਘੁੰਮਦੀ ਸੀ ''ਸਿੱਖਾਂ ਨਾਲ ਵਿਸਾਹਘਾਤ'' ਦੇ ਨਾਮ ਹੇਠ ਛਪਿਆ ਉਹਨਾਂ ਦੇ ਭਾਰਤੀ ਪਾਰਲੀਮੈਂਟ ਵਿੱਚ ਦਿੱਤੇ ਭਾਸ਼ਣ ਤੋਂ ਸ਼ੁਰੂ ਹੋ ਕੇ, ਸਿੱਖ ਹੌਮਲੈਂਡ ਦੇ ਮੱਤੇ, ਤੇ ਜਾਂ ਆਨੰਦਪੁਰ ਸਾਹਿਬ ਦੇ ਮੱਤੇ ਤੱਕ ਹਰ ਡਾਕੂਮੈਂਟ ਵਿੱਚ ਸਿੱਖ ਕੌਮ ਦੇ ਆਜ਼ਾਦ ਤੇ ਸੁਰਖਿਅੱਤ ਭਵਿੱਖ ਦੀ ਸੋਚ ਤੁਹਾਨੂੰ ਥੋੜੇ ਵੱਖ ਵੱਖ ਲਫ਼ਜ਼ਾਂ ਵਿੱਚ ਮਿੱਲਦੀ ਹੈ ਉਹ ਸ਼ੁਰੂ ਵਿੱਚ ਅਕਾਲੀ ਦੱਲ ਦੇ ਜੱਥੇਬੰਦੀ ਵਜੋਂ ਖਿਲਾਫ ਨਹੀਂ ਸਨ, ਪਰ ਲੀਡਰਸ਼ਿੱਪ ਦੇ ਦੋਗਲੇਪਨ ਨੂੰ ਬਹੁਤ ਨਾਪਸੰਦ ਕਰਦੇ ਸਨ ਪਰ ਵਕਤ ਦੇ ਨਾਲ ਨਾਲ ਉਹ ਅਕਾਲੀਆਂ ਤੋਂ ਇੰਨੇ ਮਾਯੂਸ ਹੋ ਗਏ ਸਨ, ਤੇ ਕਹਿਣ ਲੱਗ ਗਏ ਸਨ, ਇਹਨਾਂ ਦਾ ਕੁੱਝ ਨਹੀਂ ਬਣ ਸਕਦਾ ਤੇ ਇਹਨਾਂ ਤੋਂ ਕੋਈ ਉਮੀਦ ਵੀ ਨਹੀਂ ਰੱਖੀ ਜਾ ਸਕਦੀ ਉਹ ੧੯੭੮/੭੯ ਵਿੱਚ ਹਕੀਕੀ ਸਿਆਸੀ ਤਬਦੀਲੀ ਦੀ ਗੱਲ ਕਰਨ ਲੱਗ ਪਏ ਸਨ, ਤੇ ਇਸੇ ਸੋਚ ਤਹਿਤ ਦਲ ਖਾਲਸਾ ਨੂੰ ਉਤਸ਼ਾਹਿੱਤ ਕਰਦੇ ਰਹਿੰਦੇ ਸਨ
 
         
ਗੁਰੂ ਸਾਹਿਬਾਨ ਪ੍ਰਤੀ ਪਿਆਰ ਤੇ ਸਤਿਕਾਰ ਦੀ ਜੋ ਇੰਤਹਾ ਮੈਂ ਸਿਰਦਾਰ ਕਪੂਰ ਸਿੰਘ ਵਿੱਚ ਦੇਖੀ ਹੈ, ਉਹ ਮੈਨੂੰ ਬਾਕੀ ਦੀ ਜ਼ਿੰਦਗੀ ਵਿੱਚ ਕਿਸੇ ਹੋਰ ਵਿੱਚ ਦੇਖਣ ਨੂੰ ਨਹੀਂ ਮਿਲੀ ਅੱਜ ਦੇ ਬਹੁਤ ਸਾਰੇ ਅਧੂਰੇ ਵਿਦਵਾਨਾਂ ਤੋਂ ਵੱਖ, ਉਹ ਵਿਦਵਤਾ ਦੀਆਂ ਸਿਖਰਾਂ ਨੂੰ ਛੂਹੰਦੇ ਹੋਣ ਦੇ ਬਾਵਜੂਦ ਗੁਰੂ ਸਾਹਿਬਾਂ ਦੀ ਸ਼ਾਨ ਵਿੱਚ ਰੱਤੀ ਭਰ ਵੀ ਗੁਸਤਾਖੀ ਬਰਦਾਸ਼ਤ ਨਹੀਂ ਸਨ ਕਰ ਸਕਦੇ ਹੁੰਦੇ ਅਕਾਲ ਤੱਖਤ ਸਾਹਿਬ ਦੀ ਪੰਥ ਪ੍ਰਵਾਨਤ ਮਰਿਯਾਦਾ ਨੂੰ ਉਹ ਸਹੀ ਮੰਨਦੇ ਸਨ ਸਿੱਖ ਇੱਤਹਾਸ ਉਹਨਾਂ ਦੇ ਅੰਦਰ ਇਸ ਤਰਾਂ੍ਹ ਵਸਿਆ ਹੋਇਆ ਸੀ, ਕਿ ਨੌਜਵਾਨਾਂ ਨਾਲ ਕੋਈ ਛੋਟੀ ਬੈਠਕ ਹੋਵੇ ਤੇ ਜਾਂ ਕੋਈ ਵੱਡੀ ਸਟੇਜ ਉਹਨਾਂ ਦੀ ਰਵਾਨੀ ਦੇਖਣ ਵਾਲੀ ਹੁੰਦੀ ਸੀ ਅਕਾਲੀ ਲੀਡਰਸ਼ਿੱਪ ਤੋਂ ਉਹ ਪੂਰੀ ਤਰਾਂ੍ਹ ਮਾਯੂਸ ਸਨ, ਤੇ ਉਹਨਾਂ ਦੀਆਂ ਆਸਾਂ ਦਾ ਮਰਕਜ਼ ਨੌਜਵਾਨ ਸਨ, ਤੇ ਇਸੇ ਕਰ ਕੇ ਉਹ ਆਪਣੀ ਵਿਰਾਸਤ ਨੌਜਵਾਨਾਂ ਦੀ ਝੋਲੀ ਪਾ ਕੇ ਗਏ ਹਨ
  
         
ਮੈਂ ਸਖਸ਼ੀਅਤ ਪ੍ਰਸਤ ਨਹੀਂ ਹਾਂ, ਪਰ ਸਿੱਖ-ਹੌਮਲੈਂਡ ਤੋਂ ਖਾਲਿਸਤਾਨ ਤੱਕ ਦੇ ਸਾਰੇ ਸਫਰ ਨੂੰ ਆਪਣੇ ਪਿੰਡੇ ਤੇ ਹੰਢਾਉਣ ਤੋਂ ਬਾਦ ਮੈਂ ਪੂਰੀ ਇਮਾਨਦਾਰੀ ਨਾਲ ਕਹਿ ਸਕਦਾ ਹਾਂ ਕਿ ਜੇ ਇਸ ਸਫਰ ਦੇ ਪਾਂਧੀ ਸਿਰਦਾਰ ਕਪੂਰ ਸਿੰਘ ਦੀ ਸੋਚ ਨਾਲ ਰਿਸ਼ਤਾ ਬਣਾ ਕੇ ਰੱਖਦੇ ਤਾਂ, ਕਦੇ ਨਾਕਾਮ ਨਾਂ ਹੁੰਦੇ, ਕਦੇ ਮਾਯੂਸ ਨਾ ਹੁੰਦੇ ਤੇ ਹਾਲੇ ਵੀ ਡੁੱਲ੍ਹੇ ਬੇਰ ਸਾਂਭੇ ਜਾ ਸਕਦੇ ਹਨ ................ 

No comments:

Post a Comment